ਅਲਪਾਈਨ ਪਬਲਿਕ ਸਕੂਲ,ਭਵਾਨੀਗੜ੍ਹ ਵੱਲੋਂ ਮਾਤਾ ਗੁਜ਼ਰ ਕੌਰ ਅਤੇ ਸਾਹਿਬਜ਼ਾਦਿਆਂ ਦੀ ਯਾਦ ਚ ਲਾਇਆ ਲੰਗਰ

ਭਵਾਨੀਗੜ (ਗੁਰਵਿੰਦਰ ਸਿੰਘ) : ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਅਦੁੱਤੀ ਸ਼ਹੀਦੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਅਲਪਾਈਨ ਪਬਿਲਕ ਸਕੂਲ, ਭਵਾਨੀਗੜ੍ਹ ਵੱਲੋਂ ਸਕੂਲ ਦੇ ਮੇਨ ਗੇਟ ਤੇ ਆਉਂਦੀ- ਜਾਂਦੀ ਸੰਗਤ ਲਈ ਲੰਗਰ ਸੇਵਾ ਲਗਾਈ ਗਈ। ਇਸ ਸੇਵਾ ਦੌਰਾਨ ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਤੇ ਸਟਾਫ਼ ਨੇ ਪੂਰੀ ਸ਼ਰਧਾ-ਭਾਵਨਾ ਨਾਲ ਸੇਵਾ ਕੀਤੀ, ਜੋ ਸਿੱਖ ਧਰਮ ਦੇ ਬਰਾਬਰੀ, ਭਾਈਚਾਰੇ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਦਰਸਾਉਂਦਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਆਪਣੇ ਧਰਮ ਪ੍ਰਤੀ ਅਡੋਲ ਸ਼ਰਧਾ, ਅਟੱਲ ਹੌਂਸਲਾ ਅਤੇ ਧਰਮ ਲਈ ਦਿੱਤੀ ਮਹਾਨ ਕੁਰਬਾਨੀ ਬਾਰੇ ਵੀ ਜਾਣੂ ਕਰਵਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਵਿੱਚ ‘ਚਾਰ ਸਾਹਿਬਜ਼ਾਦੇ’ ਫਿਲਮ ਵੀ ਦਿਖਾਈ ਗਈ। ਸਕੂਲ ਮੈਨੇਜਰ ਸ. ਹਰਮੀਤ ਸਿੰਘ ਗਰੇਵਾਲ ਨੇ ਇਸ ਧਾਰਮਿਕ ਅਤੇ ਸਿੱਖਿਆਤਮਕ ਕਾਰਜ ਨੂੰ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਲਈ ਪ੍ਰੇਰਣਾਦਾਇਕ ਦੱਸਿਆ ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੋਮਾ ਅਰੋੜਾ ਵੱਲੋਂ ਇਸ ਲੰਗਰ ਸੇਵਾ ਲਈ ਸਾਰੇ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।