ਪਟਿਆਲਾ (ਮਾਲਵਾ ਬਿਊਰੋ) ਚੰਡੀਗੜ੍ਹ ਨੈਸ਼ਨਲ ਹਾਈਵੇ 7 ਸਥਿਤ ਧਰੇੜੀ ਜੱਟਾਂ ਟੋਲ ਪਲਾਜ਼ੇ ਦੇ ਕਰਮਚਾਰੀਆਂ ਵਲੋਂ ਕੇਂਦਰੀ ਰੋਡ 'ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵਲੋਂ ਲੱਖਾਂ ਨੌਜਵਾਨਾਂ ਦੇ ਰੋਜ਼ਗਾਰ ਖੋਹਣ ਵਾਲੀ ਨਵੀਂ ਕਾਲੀ ਟੋਲ ਬੂਥ ਲੈਸ ਪ੍ਰਣਾਲੀ ਲਿਆਉਣ ਦੇ ਵਿਰੋਧ ਵਿਚ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਇਸ ਲੱਖਾਂ ਲੋਕਾ ਦੇ ਰੋਜ਼ਗਾਰ ਖਤਮ ਕਰਨ ਵਾਲੀ ਇਸ ਪਾਲਿਸੀ ਦੀ ਨਿਖੇਧੀ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਰੋਜ਼ਗਾਰ ਮਾਰੂ ਪਾਲਿਸੀ ਰੱਦ ਨਹੀਂ ਹੁੰਦੀ ਤਾਂ ਉਹ ਵੱਡਾ ਸੰਘਰਸ਼ ਕਰਨ ਲਈ ਤਿਆਰ ਹਨ। ਇਸ ਦੇ ਨਾਲ ਹੀ ਉਨ੍ਹਾਂ ਕਰਮਚਾਰੀਆਂ ਨੇ ਦੱਸਿਆ ਕਿ ਜੇਕਰ ਇਹ ਨਵੇਂ ਟੋਲ ਵਾਲੀ ਪਾਲਿਸੀ ਲਾਗੂ ਹੁੰਦੀ ਹੈ ਤਾਂ ਟੋਲ ਪਲਾਜ਼ਿਆਂ ਦੇ ਵਰਕਰਾਂ ਸਮੇਤ ਆਮ ਵਰਗ ਉੱਪਰ ਵੀ ਇਸ ਦਾ ਬਹੁਤ ਮਾੜਾ ਪ੍ਰਭਾਵ ਪਵੇਗਾ। ਇਸ ਮੌਕੇ ਟੋਲ ਪਲਾਜ਼ਾ ਵਰਕਰਜ ਯੂਨੀਅਨ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਕੌਰ ,ਧਰੇੜੀ ਜੱਟਾਂ ਟੋਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੱਗੀ ਅਤੇ ਧਰੇੜੀ ਜੱਟਾਂ ਟੋਲ ਪਲਾਜ਼ਾ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਲਾਡੀ , ਜਸਵੀਰ ਸਿੰਘ, ਦਲਜੀਤ ਕੌਰ, ਹਰਿੰਦਰ ਸਿੰਘ, ਨਰਿੰਦਰ ਸਿੰਘ, ਸੁਰਜੀਤ ਕੌਰ, ਗੁਰਜੰਟ ਸਿੰਘ, ਗੁਰਬਾਜ ਸਿੰਘ, ਗੁਰਪ੍ਰੀਤ ਸਿੰਘ ਨਰੜੂ, ਗੁਰਪ੍ਰੀਤ ਸਿੰਘ, ਬਿਕਰਮਜੀਤ ਅਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ।